ਲੋੜੀਂਦਾ ਵੈੱਬਸਾਈਟ ਸਾਰ
ਦੁਰਵਿਹਾਰ ਕੀ ਹੁੰਦਾ ਹੈ?
ਦੁਰਵਿਹਾਰ ਭਾਵਨਾਤਮਕ, ਸਰੀਰਕ, ਜਿਨਸੀ ਜਾਂ ਵਿੱਤੀ ਹੋ ਸਕਦਾ ਹੈ।
ਦੁਰਵਿਹਾਰ ਕਰਨ ਵਾਲਾ ਇੱਕ ਸਾਥੀ, ਸਾਬਕਾ ਸਾਥੀ, ਪਰਿਵਾਰਕ ਮੈਂਬਰ, ਕਮਿਊਨਿਟੀ ਲੀਡਰ ਜਾਂ ਮੈਂਬਰ, ਇੱਕ ਦੋਸਤ, ਕੰਮ 'ਤੇ ਕੋਈ ਵਿਅਕਤੀ ਜਾਂ ਕੋਈ ਅਜਨਬੀ ਹੋ ਸਕਦਾ ਹੈ।
ਇਹ ਕਿਸੇ ਨਾਲ ਵੀ ਹੋ ਸਕਦਾ ਹੈ: ਕਿਸੇ ਬਾਲਗ ਜਾਂ ਬੱਚੇ, ਔਰਤ ਜਾਂ ਮਰਦ ਨਾਲ।
ਦੁਰਵਿਹਾਰ ਘਰ ਜਾਂ ਜਨਤਕ ਸਥਾਨ ਜਿਵੇਂ ਕਿ ਕਮਿਊਨਿਟੀ ਸੈਂਟਰ, ਸਕੂਲ ਜਾਂ ਕੰਮ ਕਰਨ ਦੇ ਸਥਾਨ 'ਤੇ ਹੋ ਸਕਦਾ ਹੈ।
ਇਹ ਵਿਅਕਤੀਗਤ ਤੌਰ 'ਤੇ, ਜਾਂ ਟੈਕਨਾਲੋਜੀ ਰਾਹੀਂ ਅਤੇ ਔਨਲਾਈਨ ਹੋ ਸਕਦਾ ਹੈ।
ਦੁਰਵਿਹਾਰ ਵਿੱਚ ਸ਼ਾਮਲ ਹੋ ਸਕਦੇ ਹਨ:
ਕਿਸੇ ਜਨਤਕ ਸਥਾਨ 'ਤੇ ਜਾਂ ਔਨਲਾਈਨ ਦੁਰਵਿਹਾਰ
- ਜਿਨਸੀ ਸੰਬੰਧ ਵਿੱਚ ਅਣਚਾਹਿਆ ਧਿਆਨ ਦਿੱਤਾ ਜਾਣਾ
- ਅਣਉਚਿਤ ਟਿੱਪਣੀਆਂ (ਜਿਨਸੀ ਸੁਭਾਅ ਵਾਲੀਆਂ ਟਿੱਪਣੀਆਂ ਸਮੇਤ), ਇਸ਼ਾਰੇ ਜਾਂ ਛੂਹਣਾ
- ਕਿਸੇ ਨੂੰ ਅਜਿਹੇ ਤਰੀਕੇ ਨਾਲ ਦੇਖਣਾ ਜਿਸ ਨਾਲ ਉਹ ਬੇਆਰਾਮ ਮਹਿਸੂਸ ਕਰੇ
- ਅਪ-ਸਕਰਟਿੰਗ (ਕਿਸੇ ਦੇ ਜਾਣੇ ਬਿਨਾਂ ਉਸ ਦੀ ਸਕਰਟ ਦੇ ਅੰਦਰ ਦੀਆਂ ਤਸਵੀਰਾਂ ਲੈਣਾ ਜਾਂ ਫਿਲਮ ਬਣਾਉਣਾ)
- ਫਲੈਸ਼ਿੰਗ (ਜਨਤਕ ਸਥਾਨ 'ਤੇ ਥੋੜ੍ਹੇ ਜਿਹੇ ਸਮੇਂ ਲਈ ਆਪਣੇ ਜਣਨ-ਅੰਗ ਨੂੰ ਦਿਖਾਉਣਾ)
- ਗਰੌਪਿੰਗ (ਸਰੀਰ 'ਤੇ ਕਿਤੇ ਵੀ ਅਣਚਾਹਿਆ ਜਿਨਸੀ ਸਪਰਸ਼, ਜੋ ਕਿ ਜਿਨਸੀ ਹਮਲਾ ਹੋ ਸਕਦਾ ਹੈ)
- ਕੰਮ ਕਰਨ ਵਾਲੀ ਥਾਂ 'ਤੇ ਜਿਨਸੀ ਸੰਬੰਧ ਬਣਾਉਣ ਲਈ ਕਹਿਣਾ
- ਮੁਫ਼ਤ ਜਾਂ ਛੋਟ ਵਾਲੀ ਰਿਹਾਇਸ਼ ਦੇ ਬਦਲੇ ਜਿਨਸੀ ਸੰਬੰਧ ਬਣਾਉਣ ਲਈ ਕਹਿਣਾ
- ਸਾਈਬਰ ਫਲੈਸ਼ਿੰਗ (ਕਿਸੇ ਨੂੰ ਇੱਕ ਨਗਨ ਤਸਵੀਰ ਭੇਜਣਾ ਜਿਸ ਲਈ ਉਸਨੇ ਨਹੀਂ ਕਿਹਾ ਹੈ)
- ਪਿੱਛਾ ਕਰਨਾ: ਜਾਂ ਤਾਂ ਵਿਅਕਤੀਗਤ ਤੌਰ 'ਤੇ ਜਾਂ ਸਾਈਬਰ ਸਟਾਕਿੰਗ (ਕਿਸੇ ਹੋਰ ਵਿਅਕਤੀ ਨੂੰ ਔਨਲਾਈਨ ਪਰੇਸ਼ਾਨ ਕਰਨ ਜਾਂ ਉਸਦਾ ਪਿੱਛਾ ਕਰਨ ਲਈ ਇੰਟਰਨੈੱਟ ਅਤੇ ਹੋਰ ਤਕਨੀਕਾਂ ਦੀ ਵਰਤੋਂ)
- ਕਿਸੇ ਦੇ ਨਿੱਜੀ ਜਿਨਸੀ ਚਿੱਤਰਾਂ ਨੂੰ ਉਸਦੀ ਸਹਿਮਤੀ ਤੋਂ ਬਿਨਾਂ ਸਾਂਝਾ ਕਰਨਾ
ਜਿਨਸੀ ਦੁਰਵਿਹਾਰ
- ਬਲਾਤਕਾਰ ਅਤੇ ਸਰੀਰ ਅੰਦਰ ਪ੍ਰਵੇਸ਼ ਕਰਨ ਵਾਲਾ ਹਮਲਾ
- ਜਿਨਸੀ ਹਮਲਾ (ਸਹਿਮਤੀ ਤੋਂ ਬਿਨਾਂ ਜਿਨਸੀ ਤਰੀਕੇ ਨਾਲ ਛੂਹਣਾ)
- ਕਿਸੇ ਵਿਅਕਤੀ ਨੂੰ ਉਸਦੀ ਸਹਿਮਤੀ ਤੋਂ ਬਿਨਾਂ ਜਿਨਸੀ ਗਤੀਵਿਧੀ ਵਿੱਚ ਸ਼ਾਮਲ ਕਰਨਾ
- 'ਸਟੇਲਥਿੰਗ' (ਦੂਜੇ ਵਿਅਕਤੀ ਦੇ ਜਾਣੇ ਬਿਨਾਂ ਸੈਕਸ ਦੌਰਾਨ ਕੰਡੋਮ ਨੂੰ ਹਟਾਉਣਾ)
- ਸੈਕਸ ਦੌਰਾਨ ਕਿਸੇ ਦੀ ਸਹਿਮਤੀ ਤੋਂ ਬਿਨਾਂ ਉਸ ਦਾ ਗਲਾ ਘੁੱਟਣਾ, ਉਸ ਨੂੰ ਥੱਪੜ ਮਾਰਨਾ ਜਾਂ ਉਸ 'ਤੇ ਥੁੱਕਣਾ
- 'ਕਿਰਾਏ ਲਈ ਸੈਕਸ' (ਸ਼ੋਸ਼ਣ ਵਾਲੀਆਂ ਪੇਸ਼ਕਸ਼ਾਂ ਜਾਂ ਜਿਨਸੀ ਸੰਬੰਧ ਦੇ ਬਦਲੇ ਵਿੱਚ ਰਿਹਾਇਸ਼ ਦਾ ਵਟਾਂਦਰਾ)
- ਜਿਨਸੀ ਸ਼ੋਸ਼ਣ (ਤੁਹਾਡੇ ਜਾਂ ਕਿਸੇ ਹੋਰ ਦੇ ਲਾਭ ਲਈ ਕਿਸੇ ਹੋਰ ਨੂੰ ਜਿਨਸੀ ਗਤੀਵਿਧੀ ਕਰਨ ਲਈ ਮਜਬੂਰ ਕਰਨਾ)
- ਕਿਸੇ ਨੂੰ ਸੈਕਸ ਲਈ ਤਿਆਰ ਕਰਨਾ
- ਜਿਨਸੀ ਸੰਤੁਸ਼ਟੀ ਲਈ ਕਿਸੇ ਦੀ ਸਹਿਮਤੀ ਤੋਂ ਬਿਨਾਂ ਉਸ ਨੂੰ ਲੁਕ ਕੇ ਦੇਖਣਾ
ਘਰੇਲੂ ਦੁਰਵਿਹਾਰ
- ਕੰਟਰੋਲ ਕਰਨ ਵਾਲਾ ਜਾਂ ਜ਼ਬਰਦਸਤੀ ਵਿਹਾਰ (ਸ਼ਕਤੀ ਜਾਂ ਕੰਟਰੋਲ ਹਾਸਲ ਕਰਨ ਲਈ ਜਾਣਬੁੱਝ ਕੇ ਕੀਤੇ ਵਿਹਾਰ ਦਾ ਪੈਟਰਨ)
- ਸਰੀਰਕ ਸ਼ੋਸ਼ਣ (ਉਦਾਹਰਨ ਵਜੋਂ ਕਿਸੇ ਨੂੰ ਮੁੱਕਾ ਮਾਰਨਾ ਜਾਂ ਲੱਤ ਮਾਰਨਾ, ਜਾਂ ਉਸ ਨੂੰ ਇਸ ਤਰ੍ਹਾਂ ਦੇ ਵਿਹਾਰ ਦੀ ਧਮਕੀ ਦੇਣਾ)
- ਜਿਨਸੀ ਦੁਰਵਿਹਾਰ (ਉਦਾਹਰਨ ਲਈ ਬਲਾਤਕਾਰ ਜਾਂ ਜਿਨਸੀ ਹਮਲਾ, ਜਾਂ ਕਿਸੇ ਨੂੰ ਇਸ ਤਰ੍ਹਾਂ ਦੇ ਵਿਹਾਰ ਦੀ ਧਮਕੀ ਦੇਣਾ)
- ਜ਼ੁਬਾਨੀ, ਭਾਵਨਾਤਮਕ ਜਾਂ ਮਨੋਵਿਗਿਆਨਕ ਦੁਰਵਿਹਾਰ (ਜਿਵੇਂ ਕਿ ਬੇਇੱਜ਼ਤ ਕਰਨ ਵਾਲੀ, ਜਾਂ ਅਪਮਾਨਜਨਕ, ਧਮਕੀ ਭਰੀ ਜਾਂ ਨੀਚਾ ਦਿਖਾਉਣ ਵਾਲੀ ਭਾਸ਼ਾ ਦੀ ਵਰਤੋਂ ਕਰਨਾ)
- ਪਿੱਛਾ ਕਰਨਾ (ਕਿਸੇ ਦੇ ਫੋਨ ਦੀ ਨਿਗਰਾਨੀ ਕਰਨ ਜਾਂ ਉਹਨਾਂ ਦੀਆਂ ਹਰਕਤਾਂ ਨੂੰ ਟਰੈਕ ਕਰਨ ਸਮੇਤ)
- ਆਰਥਿਕ ਦੁਰਵਿਹਾਰ (ਜਿਵੇਂ ਕਿ ਕਿਸੇ ਦੇ ਵਿੱਤ ਦੀ ਦੁਰਵਰਤੋਂ, ਜਾਂ ਵਿੱਤ ਤੱਕ ਕਿਸੇ ਦੀ ਪਹੁੰਚ ਨੂੰ ਕੰਟਰੋਲ ਕਰਨਾ)
- ਟੈਕਨੋਲੋਜੀ ਦੀ ਸਹਾਇਤਾ ਨਾਲ ਕੀਤਾ ਦੁਰਵਿਹਾਰ (ਜਿਵੇਂ ਕਿ ਕਿਸੇ ਵਿਅਕਤੀ ਦੇ, ਜਾਂ ਦੂਜਿਆਂ ਦੇ, ਸੋਸ਼ਲ ਮੀਡੀਆ 'ਤੇ, ਉਸ ਬਾਰੇ ਗਲਤ ਜਾਂ ਮੰਦਭਾਵਨਾ ਵਾਲੀ ਜਾਣਕਾਰੀ ਦੇਣਾ, ਜਾਂ ਸਾਈਬਰ-ਸਟਾਕਿੰਗ ਜਾਂ ਪਰੇਸ਼ਾਨ ਕਰਨਾ)
ਦੁਰਵਿਹਾਰ ਦੇ ਹੋਰ ਰੂਪ
- ਅਖੌਤੀ 'ਇੱਜ਼ਤ'-ਅਧਾਰਿਤ ਦੁਰਵਿਹਾਰ (ਨੁਕਸਾਨਦੇਹ ਕੰਮ ਜੋ ਕਿਸੇ ਪਰਿਵਾਰ ਜਾਂ ਭਾਈਚਾਰੇ ਦੀ ਅਖੌਤੀ 'ਇੱਜ਼ਤ' ਦੇ ਨਾਮ 'ਤੇ ਕੀਤੇ ਜਾਂਦੇ ਹਨ)
- ਔਰਤਾਂ ਦਾ ਖ਼ਤਨਾ - ਇੱਕ ਪ੍ਰਕਿਰਿਆ ਜਿੱਥੇ ਔਰਤਾਂ ਦੇ ਜਣਨ-ਅੰਗ ਨੂੰ ਜਾਣਬੁੱਝ ਕੇ ਕੱਟਿਆ ਜਾਂਦਾ ਹੈ, ਜ਼ਖ਼ਮੀ ਕੀਤਾ ਜਾਂ ਬਦਲਿਆ ਜਾਂਦਾ ਹੈ, ਪਰ ਅਜਿਹਾ ਕਰਨ ਦਾ ਕੋਈ ਡਾਕਟਰੀ ਕਾਰਨ ਨਹੀਂ ਹੈ
- ਜ਼ਬਰਦਸਤੀ ਵਿਆਹ (ਜਿੱਥੇ ਕਿਸੇ ਨੂੰ ਉਸਦੀ ਮਰਜ਼ੀ ਦੇ ਵਿਰੁੱਧ ਵਿਆਹ ਕਰਨ ਦੀ ਲੋੜ ਹੁੰਦੀ ਹੈ)
- ਆਧੁਨਿਕ ਗੁਲਾਮੀ (ਸ਼ੋਸ਼ਣ ਦੇ ਉਦੇਸ਼ ਲਈ ਬਲ, ਦਬਾਅ, ਕਮਜ਼ੋਰੀ ਦੀ ਦੁਰਵਰਤੋਂ, ਧੋਖੇ ਜਾਂ ਹੋਰ ਸਾਧਨਾਂ ਦੀ ਵਰਤੋਂ ਰਾਹੀਂ ਬੱਚਿਆਂ, ਔਰਤਾਂ ਜਾਂ ਮਰਦਾਂ ਨੂੰ ਭਰਤੀ ਕਰਨਾ, ਕਿਸੇ ਹੋਰ ਥਾਂ ਲਿਜਾਉਣਾ, ਪਨਾਹ ਦੇਣਾ ਜਾਂ ਪ੍ਰਾਪਤ ਕਰਨਾ)
- ਸਪਾਈਕਿੰਗ (ਜਦੋਂ ਕੋਈ ਵਿਅਕਤੀ ਕਿਸੇ ਦੂਜੇ ਵਿਅਕਤੀ ਦੀ ਜਾਣਕਾਰੀ ਅਤੇ/ਜਾਂ ਸਹਿਮਤੀ ਤੋਂ ਬਿਨਾਂ ਉਸਦੇ ਪੀਣ ਵਾਲੇ ਪਦਾਰਥ ਜਾਂ ਉਸਦੇ ਸਰੀਰ ਵਿੱਚ ਅਲਕੋਹਲ ਜਾਂ ਨਸ਼ੀਲੇ ਪਦਾਰਥ ਪਾਉਂਦਾ ਹੈ)
Support Organisations by Supported Language
ਦੁਰਵਿਹਾਰ ਨੂੰ ਰੋਕਣ ਵਿੱਚ ਕਿਵੇਂ ਮਦਦ ਕਰਨੀ ਹੈ
ਜ਼ਰੂਰੀ ਨਹੀਂ ਕਿ ਦਖਲਅੰਦਾਜ਼ੀ ਨਾਟਕੀ ਜਾਂ ਟਕਰਾਅ ਵਾਲੀ ਹੋਵੇ। ਇੱਥੋਂ ਤੱਕ ਕਿ ਪਛਾਣ ਅਤੇ ਸਹਾਇਤਾ ਦੀਆਂ ਛੋਟੀਆਂ ਕਾਰਵਾਈਆਂ ਵੀ ਦੁਰਵਿਹਾਰ ਨੂੰ ਰੋਕਣ ਵਿੱਚ ਮਦਦ ਕਰ ਸਕਦੀਆਂ ਹਨ।
ਸੁਰੱਖਿਅਤ ਢੰਗ ਨਾਲ ਕਦਮ ਚੁੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਚਾਰ ਸਧਾਰਨ ਤਰੀਕੇ ਹਨ।
ਕੁਝ ਕਹੋ।
ਤੁਸੀਂ ਉਦਾਹਰਨ ਲਈ, ਹੱਸ ਕੇ ਅਤੇ 'ਮੈਨੂੰ ਨਹੀਂ ਲੱਗਦਾ ਕਿ ਇਹ ਮਜ਼ਾਕੀਆ ਹੈ' ਕਹਿ ਕੇ, ਜੋ ਹੋ ਰਿਹਾ ਹੈ ਉਸ 'ਤੇ ਆਪਣੀ ਨਾਰਾਜ਼ਗੀ ਦਿਖਾ ਸਕਦੇ ਹੋ। ਜਾਂ ਤੁਸੀਂ ਇਹ ਕਹਿ ਕੇ ਕਿ ਇਹ ਅਸਵੀਕਾਰਨਯੋਗ ਹੈ ਅਤੇ ਉਹਨਾਂ ਨੂੰ ਰੁਕਣ ਲਈ ਕਹਿ ਕੇ, ਵਧੇਰੇ ਸਪੱਸ਼ਟ ਬਣ ਸਕਦੇ ਹੋ, ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਅਜਿਹਾ ਕਰਨਾ ਸੁਰੱਖਿਅਤ ਹੈ।
ਕਿਸੇ ਨੂੰ ਦੱਸੋ।
ਤੁਸੀਂ ਕਿਸੇ ਇੰਚਾਰਜ ਨੂੰ ਦੱਸ ਸਕਦੇ ਹੋ, ਜਿਵੇਂ ਕਿ ਬਾਰ ਸਟਾਫ਼ ਜੇ ਤੁਸੀਂ ਕਿਸੇ ਪੱਬ ਜਾਂ ਕਲੱਬ ਵਿੱਚ ਹੋ, ਮਨੁੱਖੀ ਸਰੋਤ (HR) ਜੇ ਤੁਸੀਂ ਕੰਮ ਕਰਨ ਦੇ ਸਥਾਨ 'ਤੇ ਹੋ, ਜਾਂ ਰੇਲ ਗਾਰਡ ਜਾਂ ਬੱਸ ਡਰਾਈਵਰ ਜੇ ਤੁਸੀਂ ਜਨਤਕ ਆਵਾਜਾਈ 'ਤੇ ਹੋ। ਤੁਸੀਂ ਜਨਤਾ ਦੇ ਕਿਸੇ ਹੋਰ ਮੈਂਬਰ ਜਾਂ ਰਾਹਗੀਰ ਨੂੰ ਵੀ ਦੱਸ ਸਕਦੇ ਹੋ ਅਤੇ ਦੇਖ ਸਕਦੇ ਹੋ ਕਿ ਕੀ ਉਹ ਮਦਦ ਕਰਨ ਲਈ ਤਿਆਰ ਹਨ – ਇਕੱਠੇ ਮਿਲ ਜਾਣਾ ਦਖ਼ਲ ਦੇਣ ਦਾ ਇੱਕ ਵਧੇਰੇ ਸੁਰੱਖਿਅਤ, ਜ਼ਿਆਦਾ ਪ੍ਰਭਾਵਸ਼ਾਲੀ ਤਰੀਕਾ ਹੋ ਸਕਦਾ ਹੈ। ਪੀੜਤ ਵਿਅਕਤੀ ਤੋਂ ਇਹ ਪਤਾ ਕਰਨਾ ਮਹੱਤਵਪੂਰਨ ਹੈ ਕਿ ਉਹ ਕਿਸ ਨੂੰ ਦੱਸਣਾ ਚਾਹੁੰਦੇ ਹਨ, ਜਾਂ ਕੀ ਉਹ ਪੁਲਿਸ ਨੂੰ ਕਾਲ ਕਰਨਾ/ਬੁਲਾਉਣਾ ਚਾਹੁੰਦੇ ਹਨ।
ਸਹਾਇਤਾ ਦੀ ਪੇਸ਼ਕਸ਼ ਕਰੋ।
ਤੁਸੀਂ ਪੀੜਤ ਨੂੰ ਪੁੱਛ ਸਕਦੇ ਹੋ ਕਿ ਕੀ ਉਹ ਠੀਕ ਹਨ। ਜੋ ਹੋ ਰਿਹਾ ਹੈ ਤੁਸੀਂ ਉਸ ਨੂੰ ਆਪਣੇ ਫੋਨ 'ਤੇ ਕੈਪਚਰ ਕਰ ਸਕਦੇ ਹੋ ਅਤੇ ਪੁੱਛ ਸਕਦੇ ਹੋ ਕਿ ਕੀ ਉਹ ਘਟਨਾ ਦੀ ਰਿਪੋਰਟ ਕਰਨ ਲਈ ਫੁਟੇਜ ਲੈਣਾ ਚਾਹੁੰਦੇ ਹਨ, ਅਤੇ ਤੁਸੀਂ ਇਸਦੀ ਰਿਪੋਰਟ ਕਰਨ ਵਿੱਚ ਮਦਦ ਕਰਨ ਦੀ ਪੇਸ਼ਕਸ਼ ਕਰ ਸਕਦੇ ਹੋ। ਤੁਸੀਂ ਪਹਿਲਾਂ ਹੀ ਸਹਾਇਤਾ ਕਰ ਰਹੇ ਹੋਰ ਲੋਕਾਂ ਨੂੰ ਸਮਰਥਨ ਦੇ ਸਕਦੇ ਹੋ। ਜੇਕਰ ਇਹ ਕੋਈ ਅਜਿਹਾ ਵਿਅਕਤੀ ਹੈ ਜਿਸ ਨੂੰ ਤੁਸੀਂ ਜਾਣਦੇ ਹੋ, ਤਾਂ ਉਸ ਸਮੇਂ ਉਸ ਨਾਲ ਸੰਪਰਕ ਕਰੋ ਜਦੋਂ ਉਹ ਇਕੱਲੇ ਹੋਣ ਅਤੇ ਜੇਕਰ ਉਹ ਚਾਹੁੰਦੇ ਹਨ ਤਾਂ ਰਿਪੋਰਟ ਕਰਨ ਵਿੱਚ ਉਹਨਾਂ ਦੀ ਮਦਦ ਜਾਂ ਸਮਰਥਨ ਕਰਨ ਦੀ ਪੇਸ਼ਕਸ਼ ਕਰੋ। ਜੇ ਤੁਸੀਂ ਸੋਚਦੇ ਹੋ ਕਿ ਉਹ ਦੁਰਵਿਹਾਰ ਵਾਲੇ ਰਿਸ਼ਤੇ ਵਿੱਚ ਹੋ ਸਕਦੇ ਹਨ, ਤਾਂ ਇਸ ਬਾਰੇ ਮਾਹਰ ਸਲਾਹ ਹੈ ਕਿ ਤੁਸੀਂ ਕੀ ਕਰ ਸਕਦੇ ਹੋ ਅਤੇ ਔਨਲਾਈਨ ਜਾਂ ਰਾਸ਼ਟਰੀ ਘਰੇਲੂ ਦੁਰਵਿਹਾਰ ਹੈਲਪਲਾਈਨ 'ਤੇ ਸਹਾਇਤਾ ਉਪਲਬਧ ਹੈ।
ਧਿਆਨ ਭਟਕਾਓ।
ਕਦੇ-ਕਦਾਈਂ ਉਸ ਪਲ ਲਈ ਸਭ ਤੋਂ ਵਧੀਆ ਇਹ ਹੁੰਦਾ ਹੈ ਕਿ ਜੋ ਹੋ ਰਿਹਾ ਹੈ ਉਸ ਵਿੱਚ ਵਿਘਨ ਪਾਉਣ ਲਈ ਧਿਆਨ ਹਟਾਇਆ ਜਾਵੇ ਅਤੇ ਨਿਸ਼ਾਨਾ ਬਣਾਏ ਜਾ ਰਹੇ ਵਿਅਕਤੀ ਨੂੰ ਦੂਰ ਜਾਣ ਦਾ ਮੌਕਾ ਦਿੱਤਾ ਜਾਵੇ ਜਾਂ ਜੋ ਹੋ ਰਿਹਾ ਹੈ ਉਸ ਵਿੱਚ ਦੇਰੀ ਕਰਕੇ ਦੂਜਿਆਂ ਲਈ ਮਦਦ ਪ੍ਰਾਪਤ ਕਰਨ ਦਾ ਮੌਕਾ ਪੈਦਾ ਕੀਤਾ ਜਾਵੇ। ਤੁਸੀਂ ਪੀੜਤ ਵਿਅਕਤੀ ਨਾਲ ਗੱਲਬਾਤ ਕਰ ਸਕਦੇ ਹੋ। ਤੁਸੀਂ ਰਸਤਾ ਪੁੱਛ ਸਕਦੇ ਹੋ, ਜਾਂ ਬੱਸ 'ਤੇ ਅਗਲਾ ਸਟਾਪ ਪੁੱਛ ਸਕਦੇ ਹੋ ਜਾਂ ਦਿਖਾਵਾ ਕਰ ਸਕਦੇ ਹੋ ਕਿ ਤੁਸੀਂ ਉਨ੍ਹਾਂ ਨੂੰ ਜਾਣਦੇ ਹੋ। ਜੇ ਤੁਸੀਂ ਕੰਮ ਕਰਨ ਦੇ ਸਥਾਨ 'ਤੇ ਹੋ, ਤਾਂ ਤੁਸੀਂ ਉਨ੍ਹਾਂ ਨਾਲ ਕਿਸੇ ਗੈਰ-ਸੰਬੰਧਿਤ ਕੰਮ ਬਾਰੇ ਗੱਲ ਕਰਨ ਦਾ ਬਹਾਨਾ ਬਣਾ ਸਕਦੇ ਹੋ। ਤੁਸੀਂ ਨੇੜੇ ਕੋਈ ਚੀਜ਼ ਸੁੱਟਣ ਜਾਂ ਕੋਈ ਹੋਰ ਮਾਮੂਲੀ ਹੰਗਾਮਾ ਕਰਨ ਦੀ ਕੋਸ਼ਿਸ਼ ਵੀ ਕਰ ਸਕਦੇ ਹੋ।